गुरुवार, 16 दिसंबर 2010

ਗਰੀਬ ਪਰਿਵਾਰਾਂ ਦੇ ਉਜਾੜੇ ਵਿਰੁੱਧ ਪ੍ਰਦਰਸ਼ਨ

ਨਿੱਜੀ ਪੱਤਰ ਪ੍ਰੇਰਕ
ਸਿਰਸਾ,16 ਦਸੰਬਰ
ਹਰਿਆਣਾ ਖੇਤ ਮਜ਼ਦੂਰ ਅਤੇ ਸੀ.ਪੀ.ਆਈ. ਦੇ ਕਾਰਕੁੰਨ ਪ੍ਰਦਰਸ਼ਨ ਕਰਦੇ ਹੋਏ
ਇਥੋਂ ਦੇ ਪਿੰਡ ਬਚੇਰ ਵਿਖੇ ਝੱੁਗੀ ਝੌਂਪੜੀਆਂ ‘ਚ ਰਹਿੰਦੇ ਛੇ ਗਰੀਬ ਪਰਿਵਾਰਾਂ ਨੂੰ ਪਿੰਡੋਂ ਉਜਾੜਨ ਤੇ ਪਿੰਡ ਅਰਨੀਆਂਵਾਲੀ ਵਿੱਚ ਰਹਿੰਦੇ ਇੱਕ ਘੱਟ ਗਿਣਤੀ ਕਿਸਾਨ ਪਰਿਵਾਰ ਦੀ ਫਸਲ ਉਜਾੜਨ ਅਤੇ ਉਸ ਦੀ ਦੁਕਾਨ ਨੂੰ ਅੱਗ ਲਾਉਣ ਵਾਲੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਨੂੰ ਲੈ ਕੇ ਜ਼ਿਲ੍ਹਾ ਸੀ.ਪੀ.ਆਈ.ਅਤੇ ਹਰਿਆਣਾ ਖੇਤ ਮਜ਼ਦੂਰ ਯੂਨੀਅਨ ਦੇ ਵਰਕਰਾਂ ਨੇ ਮਿੰਨੀ ਸਕੱਤਰੇਤ ਵਿੱਚ ਪ੍ਰਦਰਸ਼ਨ ਕਰਕੇ ਮੁੱਖ ਮੰਤਰੀ ਦੇ ਨਾਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ।
ਕੁੱਲ ਹਿੰਦ ਕਿਸਾਨ ਸਭਾ ਦੇ ਰਾਸ਼ਟਰੀ ਕੌਂਸਲ ਦੇ ਮੈਂਬਰ ਸਵਰਨ ਸਿੰਘ ਵਿਰਕ ਨੇ ਕਿਹਾ ਕਿ ਬਚੇਰ ਪਿੰਡ ‘ਚ ਬਿਨਾਂ ਕਿਸੇ ਆਗਾਊਂ ਸੂਚਨਾ ਦੇ ਛੇ ਗਰੀਬ ਨਾਥ ਪਰਿਵਾਰਾਂ ਦੀਆਂ ਝੱੁਗੀਆਂ ਝੌਂਪੜੀਆਂ ਨੂੰ ਪੰਚਾਇਤ ਅਤੇ ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀ ਨੇ ਤੋੜ ਦਿੱਤਾ ਅਤੇ ਉਨ੍ਹਾਂ ਦੇ ਘਰੇਲੂ ਸਾਮਾਨ ਨੂੰ ਪਿੰਡੋਂ ਕਈ ਕਿਲੋਮੀਟਰ ਦੂਰ ਸੁੱਟ ਦਿੱਤਾ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਪਿੰਡ ਅਰਨੀਆਂਵਾਲੀ ਵਿੱਚ ਘੱਟ ਗਿਣਤੀ ਨਾਲ ਸਬੰਧਤ ਪਰਿਵਾਰ ਦੇ ਖੇਤ ਅਤੇ ਦੁਕਾਨ ਨੂੰ ਪਿੰਡ ਦੇ ਬਹੁਗਿਣਤੀ ਵਰਗ ਨੇ ਅੱਗ ਦੇ ਹਵਾਲੇ ਕਰ ਦਿੱਤਾ। ਉਨ੍ਹਾਂ ਨੇ ਦੋਸ਼ ਲਾਇਆ ਕਿ ਪੁਲੀਸ ਇਸ ਮਾਮਲੇ ਵਿੱਚ ਢਿੱਲ ਮੱਠ ਵਾਲੀ ਕਾਰਵਾਈ ਕਰਕੇ ਦੋਸ਼ੀਆਂ ਨੂੰ ਲਾਭ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਮੌਕੇ ‘ਤੇ ਕਿਸਾਨ ਸਭਾ ਦੇ ਸੀ.ਪੀ.ਆਈ.ਜ਼ਿਲ੍ਹਾ ਸਕੱਤਰ ਜੈ ਚੰਦ ਸਹਾਰਨੀ, ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਰਾਜ ਕੁਮਾਰ, ਲਛਮਣ ਸਿੰਘ ਸ਼ੇਖਾਵਤ, ਜਸਵੰਤ ਸਿੰਘ ਜੋਸ਼, ਜਗਰੂਪ ਸਿੰਘ ਚੌਬੁਰਜਾ ਆਦਿ ਨੇ  ਵਿਚਾਰ ਪ੍ਰਗਟਾਏ।